ਸਤੰਬਰ ਦੇ ਸ਼ੁਰੂਆਤ ਵਿੱਚ ਹੀ ਘੋੜਾਮਾਰਾ ਦੀਪ ਵਿਖੇ ਬੇੜੀਆਂ ਦੀ ਚਹਿਲ-ਪਹਿਲ ਵਿੱਚ ਅਚਾਨਕ ਥੋੜ੍ਹੀ ਤੇਜ਼ੀ ਆ ਜਾਂਦੀ ਹੈ। ਪੁਰਸ਼, ਔਰਤਾਂ, ਬੱਚੇ ਅਤੇ ਡੰਗਰ ਵੀ ਬੇੜੀਆਂ ਵਿੱਚ ਚੜ੍ਹਦੇ ਅਤੇ ਲੱਥਦੇ ਰਹਿੰਦੇ ਹਨ, ਆਪਣੇ ਕੰਮਾਂ-ਕਾਰਾਂ 'ਤੇ ਪਹੁੰਚਣ ਦੀ ਇੱਕ ਕਾਹਲ ਜਿਹੀ ਪਸਰੀ ਰਹਿੰਦੀ ਹੈ। ਉੱਚ ਜਵਾਰ ਦੇ ਦਿਨੀਂ ਉਹ ਆਪਣੇ ਰਿਸ਼ਤੇਦਾਰਾਂ ਦੇ ਨਾਲ਼ ਰਹਿਣ ਲਈ ਕਿਸੇ ਹੋਰ ਥਾਂ ਰਹਿਣ ਚਲੇ ਜਾਂਦੇ ਹਨ ਅਤੇ ਜਦੋਂ ਪਾਣੀ ਕੁਝ ਲੱਥਦਾ ਹੈ ਤਾਂ ਫਿਰ ਤੋਂ ਆਪਣੇ ਘਰੋ-ਘਰੀ ਪਰਤ ਆਉਂਦੇ ਹਨ। ਬੇੜੀ ਨੂੰ ਕਾਕਦਵੀਪ ਦੇ ਮੁੱਖ ਭੂ-ਭਾਗ ਤੋਂ ਸੁੰਦਰਬਨ ਡੇਲਟਾ ਵਿਖੇ ਸਥਿਤ ਦੀਪ ਤੱਕ ਅੱਪੜਨ ਵਿੱਚ 40 ਮਿੰਟ ਦਾ ਸਮਾਂ ਲੱਗਦਾ ਹੈ। ਇੱਥੇ ਬੇੜੀਆਂ ਰਾਹੀਂ ਲੋਕਾਂ ਨੂੰ ਮਹੀਨੇ ਵਿੱਚ ਦੋ ਵਾਰੀਂ ਲਿਜਾਇਆ ਜਾਂਦਾ ਹੈ ਅਤੇ ਫਿਰ ਦੋ ਵਾਰੀਂ ਵਾਪਸ ਵੀ ਲਿਆਂਦਾ ਜਾਂਦਾ ਹੈ। ਹਾਲਾਂਕਿ, ਇਹ ਰੋਜ਼ਨਾਮਚਾ, ਪੱਛਮ ਬੰਗਾਲ ਦੇ ਦੱਖਣ 24 ਪਰਗਨਾ ਜ਼ਿਲ੍ਹੇ ਵਿਖੇ ਸਥਿਤ ਇਸ ਛੋਟੇ ਜਿਹੇ ਦੀਪ ਘੋੜਾਮਾਰਾ 'ਤੇ, ਪਿੰਡ ਦੇ ਲੋਕਾਂ ਦੇ ਜੀਵਨ ਬਚਾਉਣ ਲਈ ਲੰਬੇ ਸਮੇਂ ਤੋਂ ਚੱਲਦੇ ਆਉਂਦੇ ਸੰਘਰਸ਼ ਨੂੰ ਹੋਰ ਮੁਸ਼ਕਲ ਬਣਾਉਂਦਾ ਹੈ।
ਜਲਵਾਯੂ ਵਿੱਚ ਹੋ ਰਹੀਆਂ ਨਿਰੰਤਰ ਤਬਦੀਲੀਆਂ, ਬਾਰ ਬਾਰ ਆਉਂਦੇ ਚੱਕਰਵਾਤਾਂ, ਸਮੁੰਦਰ ਦੇ ਵੱਧਦੇ ਜਲ-ਪੱਧਰ ਅਤੇ ਭਾਰੀ ਮੀਂਹ ਨੇ, ਘੋੜਾਮਾਰਾ ਦੇ ਲੋਕਾਂ ਦੇ ਜੀਵਨ ਨੂੰ ਅਜਾਬ ਬਣਾ ਛੱਡਿਆ ਹੈ। ਦਹਾਕਿਆਂ ਤੋਂ ਆ ਰਿਹਾ ਹੜ੍ਹ ਅਤੇ ਮਿੱਟੀ ਦੇ ਖੋਰਨ ਕਾਰਨ, ਹੁਗਲੀ ਦੇ ਮੁਹਾਨੇ 'ਤੇ ਉਨ੍ਹਾਂ ਦੀ ਜਨਮਭੂਮੀ ਦੇ ਟੁਕੜੇ ਤੈਰਦੇ ਦੇਖੇ ਜਾ ਸਕਦੇ ਹਨ।
ਮਈ ਮਹੀਨੇ ਜਦੋਂ ਚੱਕਰਵਾਤ ਯਾਸ ਨੇ ਭੂ-ਸਖਲਨ ਸ਼ੁਰੂ ਕੀਤਾ ਤਾਂ ਸੁੰਦਰਬਨ ਦੇ ਸਾਗਰ ਬਲਾਕ ਵਿੱਚ ਸਥਿਤ ਘੋੜਾਮਾਰਾ ਸਭ ਤੋਂ ਵੱਧ ਪ੍ਰਭਾਵਤ ਇਲਾਕਿਆਂ ਵਿੱਚੋਂ ਇੱਕ ਸੀ। 26 ਮਈ ਦੇ ਦਿਨ ਉੱਚ ਜਵਾਰ ਦੇ ਨਾਲ਼ ਚੱਕਰਵਾਤ ਨੇ ਦੀਪ ਦੇ ਤਟਾਂ ਨੂੰ ਤੋੜ ਸੁੱਟਿਆ ਸੀ ਅਤੇ 15-20 ਮਿੰਟਾਂ ਦੇ ਅੰਦਰ ਅੰਦਰ ਸਾਰਾ ਕੁਝ ਪਾਣੀ ਅੰਦਰ ਸਮਾਂ ਗਿਆ ਸੀ। ਇਸ ਤੋਂ ਪਹਿਲਾਂ, ਬੁਲਬੁਲ (2019) ਅਤੇ ਚੱਕਰਵਾਤ ਅੰਫ਼ਾਨ (2020) ਦੀ ਮਾਰ ਝੱਲ ਚੁੱਕੇ ਦੀਪਵਾਸੀਆਂ ਨੂੰ ਮੁੜ ਤਬਾਹੀ ਦਾ ਸਾਹਮਣਾ ਕਰਨਾ ਪਿਆ। ਚੱਕਰਵਾਤ ਨੇ ਉਨ੍ਹਾਂ ਦੇ ਘਰਾਂ ਨੂੰ ਉਜਾੜ ਸੁੱਟਿਆ ਅਤੇ ਝੋਨੇ ਦੇ ਪੂਰੇ ਗੁਦਾਮਾਂ ਵਿੱਚ ਪਾਣੀ ਭਰ ਗਿਆ, ਪਾਨ ਦੀ ਫ਼ਸਲ ਅਤੇ ਸੂਰਜਮੁਖੀ ਦੇ ਸਾਰੇ ਖੇਤ ਪਾਣੀ ਵਿੱਚ ਵਹਾ ਘੱਤੇ।
ਚੱਕਰਵਾਤ ਦੇ ਬਾਅਦ, ਖਾਸੀਮਾਰਾ ਘਾਟ ਦੇ ਕੋਲ਼ ਸਥਿਤ ਅਬਦੁਲ ਰਊਫ਼ ਦਾ ਘਰ ਤਬਾਹ ਹੋ ਗਿਆ। ਆਪਣੇ ਘਰੋਂ ਕਰੀਬ 90 ਕਿਲੋਮੀਟਰ ਦੂਰ, ਕੋਲਕਾਤਾ ਵਿੱਚ ਕੰਮ ਕਰਨ ਵਾਲ਼ੇ ਇੱਕ ਦਰਜੀ ਰਊਫ਼ ਨੇ ਕਿਹਾ,''ਚੱਕਰਵਾਤ ਦੇ ਤਿੰਨ ਦਿਨਾਂ ਦੌਰਾਨ ਸਾਡੇ ਕੋਲ਼ ਖਾਣ ਨੂੰ ਇੱਕ ਦਾਣਾ ਤੱਕ ਨਹੀਂ ਸੀ ਅਤੇ ਅਸੀਂ ਸਿਰਫ਼ ਮੀਂਹ ਦੇ ਪਾਣੀ ਦੇ ਸਿਰ ਹੀ ਜ਼ਿੰਦਾ ਸਾਂ। ਸਾਡੇ ਸਿਰਾਂ 'ਤੇ ਸਿਰਫ਼ ਪਲਾਸਟਿਕ ਦੀ ਛੱਤ ਸੀ।'' ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਅਤੇ ਉਨ੍ਹਾਂ ਦੀ ਪਤਨੀ ਬੀਮਾਰ ਪੈ ਗਏ ਤਾਂ ''ਸਭ ਨੂੰ ਸਾਡੇ ਕੋਵਿਡ ਪੌਜ਼ੀਟਿਵ ਹੋਣ ਦਾ ਸ਼ੱਕ ਹੋਇਆ।'' ਰਊਫ਼ ਨੇ ਅੱਗੇ ਕਿਹਾ,''ਬੜੇ ਸਾਰੇ ਲੋਕ ਪਿੰਡ ਛੱਡ ਚਲੇ ਗਏ। ਅਸੀਂ ਉੱਥੇ ਹੀ ਪਏ ਰਹੇ ਅਤੇ ਕਿਸੇ ਸੁਰੱਖਿਅਤ ਥਾਂ ਤੱਕ ਜਾਣਾ ਸੰਭਵ ਨਾ ਹੋ ਸਕਿਆ।'' ਜਦੋਂ ਬਲਾਕ (ਖੰਡ) ਵਿਕਾਸ ਅਧਿਕਾਰੀ ਨੂੰ ਸੂਚਿਤ ਕੀਤਾ ਗਿਆ ਤਦ ਕਿਤੇ ਜਾ ਕੇ ਰਊਫ਼ ਅਤੇ ਉਨ੍ਹਾਂ ਦੀ ਪਤਨੀ ਨੂੰ ਮੈਡੀਕਲ ਸਹਾਇਤਾ ਮਿਲ਼ੀ। ''ਬੀਡੀਓ ਨੇ ਸਾਨੂੰ ਕਿਸੇ ਵੀ ਤਰ੍ਹਾਂ ਨਾਲ਼ ਕਾਕਦਵੀਪ ਪਹੁੰਚਣ ਲਈ ਕਿਹਾ। ਉਨ੍ਹਾਂ ਨੇ ਉੱਥੋਂ ਐਂਬੂਲੈਂਸ ਦਾ ਬੰਦੋਬਸਤ ਕੀਤਾ। ਸਾਨੂੰ ਕਰੀਬ 22,000 ਰੁਪਏ (ਇਲਾਜ ਵਾਸਤੇ) ਖ਼ਰਚ ਕਰਨੇ ਪਏ।'' ਰਊਫ਼ ਅਤੇ ਉਨ੍ਹਾਂ ਦਾ ਪਰਿਵਾਰ ਉਦੋਂ ਤੋਂ ਹੀ ਦੀਪ 'ਤੇ ਇੱਕ ਛੰਨ (ਸ਼ੈਲਟ) ਪਾ ਕੇ ਰਹਿ ਰਿਹਾ ਹੈ।
ਕਈ ਲੋਕ ਜਿਨ੍ਹਾਂ ਦੇ ਘਰ ਉਜੜ ਗਏ ਸਨ, ਉਨ੍ਹਾਂ ਨੂੰ ਆਰਜ਼ੀ ਤੰਬੂਆਂ ਵਿੱਚ ਠ੍ਹਾਰ ਲੈਣੀ ਪਈ। ਮੰਦਰਤਲਾ ਪਿੰਡ ਦੇ ਨਿਵਾਸੀਆਂ ਨੂੰ ਦੀਪ ਦੀ ਸਭ ਤੋਂ ਉੱਚੀ ਥਾਂ, ਮੰਦਰਤਲਾ ਬਜ਼ਾਰ ਦੇ ਕੋਲ਼ ਟੈਂਕ ਗਰਾਊਂਡ ਵਿਖੇ ਇੱਕ ਸ਼ੈਲਟਰ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਵਿੱਚੋਂ ਕਈਆਂ ਨੇ ਨੇੜਲੇ ਭੀੜੇ ਜਿਹੇ ਰਾਹ 'ਤੇ ਹੀ ਆਪਣੇ ਤੰਬੂ ਗੱਡ ਲਏ। ਦੀਪ ਦੇ ਹਾਟਖੋਲਾ, ਚੁਨਪੁਰੀ ਅਤੇ ਖਾਸੀਮਾਰਾ ਖਿੱਤਿਆਂ ਵਿੱਚੋਂ 30 ਪਰਿਵਾਰਾਂ ਨੂੰ ਘੋੜਾਮਾਰਾ ਦੇ ਦੱਖਣ ਵਿਖੇ ਪੈਂਦੇ ਸਾਗਰ ਦੀਪ 'ਤੇ ਆਰਜ਼ੀ ਠ੍ਹਾਰ ਦਿੱਤਾ ਗਿਆ ਸੀ। ਉਦੋਂ ਤੋਂ ਉਨ੍ਹਾਂ ਨੂੰ ਮੁੜਵਸੇਬੇ ਖਾਤਰ, ਉੱਥੇ ਜ਼ਮੀਨ ਦੇ ਦਿੱਤੀ ਗਈ ਹੈ।

ਚੱਕਰਵਾਤ ਨੇ ਰੇਜ਼ਾਊਲ ਖ਼ਾਨ ਦੇ ਖਾਸੀਮਾਰਾ ਵਿਖੇ ਪੈਂਦੇ ਘਰ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਾਗਰ ਦੀਪ ਵਿਖੇ ਠਿਕਾਣਾ ਦਿੱਤਾ ਗਿਆ ਹੈ
ਉਨ੍ਹਾਂ ਪਰਿਵਾਰਾਂ ਵਿੱਚੋਂ ਇੱਕ ਹੈ ਰੇਜ਼ਾਊਲ ਖ਼ਾਨ ਦਾ ਪਰਿਵਾਰ। ਖਾਸੀਮਾਰਾ ਵਿਖੇ ਉਨ੍ਹਾਂ ਦਾ ਘਰ ਹੁਣ ਉਜੜ ਚੁੱਕਿਆ ਹੈ। ''ਮੈਨੂੰ ਇਹ ਦੀਪ ਛੱਡਣਾ ਪਵੇਗਾ, ਪਰ ਮੈਨੂੰ ਇੱਥੋਂ ਕਿਉਂ ਜਾਣਾ ਚਾਹੀਦਾ ਹੈ?'' ਰੇਜ਼ਾਊਲ ਨੇ ਤੂਫ਼ਾਨੀ ਦਿਨ ਦੌਰਾਨ ਗੱਲਬਾਤ ਦੌਰਾਨ ਮੈਨੂੰ ਦੱਸਿਆ, ਉਸ ਵੇਲ਼ੇ ਅਸੀਂ ਤੂਫ਼ਾਨ ਵਿੱਚ ਤਬਾਹ ਹੋਈ ਇੱਕ ਮਸੀਤ ਵਿੱਚ ਬੈਠੇ ਹੋਏ ਸਾਂ। ''ਦੱਸੋ ਭਲ਼ਾ ਮੈਂ ਆਪਣੇ ਬਚਪਨ ਦੇ ਬੇਲੀ ਗਣੇਸ਼ ਪਰੂਆ ਨੂੰ ਕਿਵੇਂ ਛੱਡ ਸਕਦਾ ਹਾਂ? ਕੱਲ੍ਹ ਰਾਤੀਂ ਉਨ੍ਹਾਂ ਨੇ ਆਪਣੇ ਵਿਹੜੇ ਵਿੱਚ ਸਾਡੇ ਪਰਿਵਾਰ ਲਈ ਕਰੇਲੇ ਪਕਾਏ ਸਨ।''
ਇਸ ਤੋਂ ਪਹਿਲਾਂ ਕਿ ਪਿੰਡ ਵਾਲ਼ੇ ਆਪਣੀ ਤਬਾਹੀ ਦੀ ਪੂਰਤੀ ਕਰ ਪਾਉਂਦੇ, ਯਾਸ ਕਾਰਨ ਉੱਠੀਆਂ ਲਹਿਰਾਂ ਨੇ ਜੂਨ ਵਿੱਚ ਘੋੜਾਮਾਰਾ ਵਿੱਚ ਹੜ੍ਹ ਲਿਆ ਦਿੱਤਾ ਅਤੇ ਦੂਸਰੀ ਮਾਰ ਮਾਨਸੂਨ ਦੇ ਮੀਂਹ ਨੇ ਮਾਰੀ। ਇਨ੍ਹਾਂ ਇੱਕ ਤੋਂ ਬਾਅਦ ਇੱਕ ਘਟਨਾਵਾਂ ਦੇ ਤਬਾਹਕੁੰਨ ਨਤੀਜਿਆਂ ਤੋਂ ਪਰੇਸ਼ਾਨ ਰਾਜ ਪ੍ਰਸ਼ਾਸਨ ਨੇ ਲੋਕਾਂ ਦੀ ਜਾਨ ਬਚਾਉਣ ਲਈ ਮੁੜ-ਵਸੇਬੇ ਦਾ ਕੰਮ ਸ਼ੁਰੂ ਕਰ ਦਿੱਤਾ।
ਮੰਦਰਤਲਾ ਵਿਖੇ ਇੱਕ ਕਰਿਆਨੇ ਦੀ ਦੁਕਾਨ ਦੇ ਮਾਲਕ ਅਮਿਤ ਹਲਦਰ ਨੇ ਕਿਹਾ,''ਉਨ੍ਹੀਂ ਦਿਨੀਂ (ਚੱਕਰਵਾਤ ਤੋਂ ਬਾਅਦ) ਮੇਰੀ ਦੁਕਾਨ ਵਿੱਚ ਲੂਣ ਅਤੇ ਤੇਲ ਤੋਂ ਇਲਾਵਾ ਕੁਝ ਵੀ ਨਹੀਂ ਸੀ ਬਚਿਆ। ਸਾਰਾ ਕੁਝ ਲਹਿਰਾਂ ਵਿੱਚ ਸਮਾ ਗਿਆ। ਸਾਡੇ ਦੀਪ ਦੇ ਬਜ਼ੁਰਗਾਂ ਨੇ ਵੀ ਇਸ ਤੋਂ ਪਹਿਲਾਂ ਇੰਨੀਆਂ ਲਹਿਰਾਂ ਦਾ ਇੰਨਾ ਖ਼ਤਰਨਾਕ ਰੂਪ ਨਹੀਂ ਸੀ ਦੇਖਿਆ। ਲਹਿਰਾਂ ਇੰਨੀਆਂ ਉੱਚੀਆਂ ਸਨ ਕਿ ਸਾਡੇ ਵਿੱਚੋਂ ਕਈਆਂ ਨੇ ਰੁੱਖਾਂ 'ਤੇ ਚੜ੍ਹ ਆਪਣੀ ਜਾਨ ਬਚਾਈ। ਕੁਝ ਔਰਤਾਂ ਨੂੰ ਤਾਂ ਰੁੱਖ (ਦੀਪ ਦੇ) ਦੇ ਉੱਚੇ ਟਾਹਣਾਂ ਨਾਲ਼ ਬੰਨ੍ਹ ਦਿੱਤਾ ਗਿਆ ਤਾਂ ਕਿ ਉਹ ਲਹਿਰਾਂ ਵਿੱਚ ਵਹਿ ਹੀ ਨਾ ਜਾਣ। ਪਾਣੀ ਉਨ੍ਹਾਂ ਦੀਆਂ ਧੌਣਾਂ ਤੱਕ ਅੱਪੜ ਗਿਆ। ਸਾਡੇ ਬਹੁਤੇਰੇ ਡੰਗਰ ਤਾਂ ਡੁੱਬ ਹੀ ਗਏ।''
ਸੁੰਦਰਬਨ ਵਿਖੇ ਜਲਵਾਯੂ ਤਬਦੀਲੀ ਦੇ ਸੰਕਟ ਨੂੰ ਲੈ ਕੇ, ਸਾਲ 2014 ਦੇ ਇੱਕ ਅਧਿਐਨ ਮੁਤਾਬਕ, ਸਮੁੰਦਰ ਦੇ ਵੱਧਦੇ ਪੱਧਰ ਅਤੇ ਹਾਈਡ੍ਰੋ-ਡਾਇਨੈਮਿਕ (ਪਾਣੀ ਦੇ ਰੋੜ੍ਹ/ਵਹਾਅ ਦੀ ਤੀਬਰਤਾ) ਤੋਂ ਉਤਪੰਨ ਹਾਲਤਾਂ ਕਾਰਨ, ਘੋੜਾਮਾਰਾ ਵਿੱਚ ਵੱਡੇ ਪੱਧਰ 'ਤੇ ਤਟਾਂ ਦਾ ਖੋਰਨ ਹੋਇਆ ਹੈ। ਸਾਲ 1975 ਵਿੱਚ, ਜਿੱਥੇ ਦੀਪ ਦੀ ਕੁੱਲ ਭੂਮੀ 8.51 ਵਰਗ ਕਿਲੋਮੀਟਰ ਸੀ, ਸਾਲ 2012 ਵਿੱਚ ਘੱਟ ਕੇ 4.43 ਵਰਗ ਕਿਲੋਮੀਟਰ ਰਹਿ ਗਈ। ਅਧਿਐਨ ਤੋਂ ਪਤਾ ਚੱਲਿਆ ਕਿ ਬਾਰ-ਬਾਰ ਉਜਾੜੇ ਅਤੇ ਈਕੋ-ਸਿਸਟਮ (ਵਾਤਾਵਰਣਕ ਤੰਤਰ) ਵਿੱਚ ਇੱਕ ਤੋਂ ਬਾਅਦ ਇੱਕ ਹੋ ਰਹੇ ਨੁਕਸਾਨ ਕਾਰਨ, ਵੱਡੀ ਗਿਣਤੀ ਵਿੱਚ ਲੋਕ ਦੀਪ ਨੂੰ ਛੱਡ ਕੇ ਜਾ ਰਹੇ ਹਨ। ਲੇਖਕ ਕਹਿੰਦੇ ਹਨ ਕਿ ਪ੍ਰਵਾਸਨ ਦੇ ਕਾਰਨ, ਘੋੜਾਮਾਰਾ ਦੀ ਅਬਾਦੀ 2001 ਅਤੇ 2011 ਦਰਮਿਆਨ 5,236 ਤੋਂ ਘੱਟ ਕੇ 5,193 ਹੋ ਗਈ।
ਆਪਣੀ ਮੰਦੀ ਹਾਲਤ ਦੇ ਬਾਵਜੂਦ, ਘੋੜਾਮਾਰਾ ਦੇ ਲੋਕ ਇੱਕ-ਦੂਸਰੇ ਦੀ ਸਹਾਇਤਾ ਕਰਦੇ ਰਹਿੰਦੇ ਹਨ। ਸਤੰਬਰ ਦੇ ਉਸ ਦਿਨ ਹਾਟਖਲਾ ਦੀ ਸਰ੍ਹਾਂ ਵਿੱਚ ਰਹਿਣ ਵਾਲ਼ੇ ਲੋਕ, ਛੇ ਮਹੀਨੇ ਦੇ ਅਵਿਕ ਦੇ ਅੰਨਪ੍ਰਾਸ਼ਨ ਦੀਆਂ ਤਿਆਰੀਆਂ ਵਿੱਚ ਹੱਥ-ਵੰਡਾਉਣ ਲਈ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਸਨ। ਅੰਨਪ੍ਰਾਸ਼ਨ ਅਜਿਹਾ ਸਮਾਰੋਹ ਹੁੰਦਾ ਹੈ ਜਿਸ ਵਿੱਚ ਕਿਸੇ ਬੱਚੇ ਨੂੰ ਪਹਿਲੀ ਵਾਰ ਚੌਲ਼ ਖੁਆਏ ਜਾਂਦੇ ਹਨ। ਦੀਪ ਦੀ ਜ਼ਮੀਨ ਵਿੱਚ ਹੋ ਰਿਹਾ ਖੋਰਨ, ਵਾਤਾਵਰਣ ਦੇ ਸਤਾਏ ਇਨ੍ਹਾਂ ਪਨਾਹਗੀਰਾਂ ਨੂੰ ਆਪਣੇ ਜੀਵਨ ਵਿੱਚ ਤਾਲਮੇਲ਼ ਬਿਠਾਉਣ ਲਈ ਮਜ਼ਬੂਰ ਕਰਦਾ ਹੈ। ਇਸੇ ਲਈ, ਉਹ ਦੋਬਾਰਾ ਆਪਣੇ ਘਰਾਂ ਨੂੰ ਉਸਾਰਦੇ ਹਨ ਜਾਂ ਨਵੇਂ ਘਰ ਦੀ ਤਲਾਸ਼ ਕਰਦੇ ਹਨ।

ਉੱਚ ਜਵਾਰ ਤੋਂ ਬਾਅਦ ਕਾਕਦਵੀਪ ਦੇ ਮੁੱਖ ਭੂ-ਭਾਗ ਤੋਂ ਬੇੜੀ ' ਤੇ ਸਵਾਰ ਹੋ ਪਰਤ ਰਹੇ ਘੋੜਾਮਾਰਾ ਦੇ ਨਿਵਾਸੀ

ਹੜ੍ਹ ਦੇ ਲਗਾਤਾਰ ਬਣੇ ਹੋਏ ਖ਼ਤਰੇ ਵਿਚਾਲੇ ਦੀਪ ਨਿਵਾਸੀ, ਆਪਣੇ ਜੀਵਨ ਦੀ ਮੁੜ-ਉਸਾਰੀ ਦੀ ਉਮੀਦ ਪਾਲ਼ੀ ਖੁੱਲ੍ਹੇ ਅਸਮਾਨ ਹੇਠਾਂ ਟਿਕੇ ਰਹਿੰਦੇ ਹਨ

ਹਮੇਸ਼ਾ ਵਾਸਤੇ ਘੋੜਾਮਾਰਾ ਛੱਡਣ ਅਤੇ ਸਾਗਰ ਦੀਪ ਜਾਣ ਤੋਂ ਪਹਿਲਾਂ, ਸ਼ੇਖ ਸਨੁਜ, ਖਾਸੀਮਾਰਾ ਵਿਖੇ ਸਥਿਤ ਆਪਣੇ ਘਰ ਨੂੰ ਚੇਤੇ ਕਰ ਰਹੇ ਹਨ

ਖਾਸੀਮਾਰਾ
ਘਾਟ ਵਿਖੇ ਭੋਜਨ ਦੀ ਉਡੀਕ ਕਰਦੇ ਲੋਕ
;
ਚੱਕਰਵਾਤ ਯਾਸ ਦੇ ਕਾਰਨ ਘਰ ਤਬਾਹ ਹੋ
ਜਾਣ ਤੋਂ ਬਾਅਦ ਤੋਂ, ਉਹ ਰਾਹਤ ਸਮੱਗਰੀਆਂ ਦੇ ਸਹਾਰੇ ਗੁਜ਼ਾਰਾ ਕਰ ਰਹੇ ਹਨ

ਖਾਸੀਮਾਰਾ ਘਾਟ ਵਿਖੇ ਬੇੜੀ ਤੋਂ ਲਾਹੀ ਜਾ ਰਹੀ ਅਨਾਜ ਸਮੱਗਰੀ ਅਤੇ ਰਾਸ਼ਨ

ਬੇੜੀ ਤੋਂ ਉਤਰਦੇ ਪੁਰਸ਼, ਔਰਤਾਂ, ਬੱਚੇ ਅਤੇ ਡੰਗਰ। ਸਾਰਿਆਂ ਨੂੰ ਵਾਪਸ ਘਰ ਮੁੜਨ ਦੀ ਕਾਹਲੀ ਹੈ

ਘੋੜਾਮਾਰਾ ਦੀ ਸਭ ਤੋਂ ਉੱਚੀ ਥਾਂ, ਮੰਦਰਤਲਾ ਬਜ਼ਾਰ ਦੇ ਨੇੜੇ ਸਥਿਤ ਟੈਂਕ ਗਰਾਊਂਡ ਵਿਖੇ ਬਣਾਈ ਗਈ ਆਰਜੀ ਠ੍ਹਾਰ। ਪਿੰਡ ਦੇ ਕਰੀਬ ਇੱਕ ਤਿਹਾਈ ਲੋਕਾਂ ਨੂੰ ਇੱਥੇ ਪਨਾਹ ਮਿਲ਼ੀ

ਤਬਾਹ ਬਰਬਾਦ ਹੋਏ ਆਪਣੇ ਘਰ ਦੇ ਬਾਹਰ ਖੜ੍ਹੇ ਅਮਿਤ ਹਲਦਰ। ਮੰਦਰਤਲਾ ਬਜ਼ਾਰ ਦੇ ਕੋਲ਼ ਸਥਿਤ ਕਰਿਆਨੇ ਦੀ ਉਨ੍ਹਾਂ ਦੀ ਦੁਕਾਨ ਦਾ ਸਾਰਾ ਸਮਾਨ ਬਰਬਾਰ ਹੋ ਗਿਆ

ਖਾਸੀਮਾਰਾ ਘਾਟ ਦੇ ਨੇੜੇ ਇੱਕ ਘਰ ਦੀ ਚਿੱਕੜ ਬਣੀ ਜ਼ਮੀਨ ' ਤੇ ਮਿੱਟੀ ਖਿਲਾਰੀ ਜਾ ਰਹੀ ਹੈ ਤਾਂ ਕਿ ਇਹ ਰਹਿਣ ਯੋਗ ਬਣ ਜਾਵੇ

ਠਾਕੁਰਦਾਸੀ ਘੋਰੂਈ, ਹਾਟਖੋਲਾ ਵਿਖੇ ਸਥਿਤ ਆਰਜ਼ੀ ਠ੍ਹਾਰ ਕੋਲ਼ ਜਾਲ਼ ਉਣਦੀ ਹੋਈ। ਸਰਕਾਰ ਉਨ੍ਹਾਂ ਦੇ ਪਰਿਵਾਰ ਨੂੰ ਵਸੇਬੇ ਵਾਸਤੇ ਕਿਤੇ ਹੋਰ ਟਿਕਾਣਾ ਦੇਵੇਗੀ

ਠਾਕੁਰਦਾਸੀ
ਘੋਰੂਈ, ਹਾਟਖੋਲਾ ਵਿਖੇ ਸਥਿਤ ਆਰਜ਼ੀ ਠ੍ਹਾਰ ਕੋਲ਼ ਜਾਲ਼ ਉਣਦੀ ਹੋਈ। ਸਰਕਾਰ ਉਨ੍ਹਾਂ ਦੇ ਪਰਿਵਾਰ
ਨੂੰ ਵਸੇਬੇ ਵਾਸਤੇ ਕਿਤੇ ਹੋਰ ਟਿਕਾਣਾ ਦੇਵੇਗੀ

ਹਾਟਖੋਲਾ
ਵਿਖੇ ਸਥਿਤ ਕੈਂਪ ਵਿੱਚ ਖੜ੍ਹੀ ਕਾਕਲੀ ਮੰਡਲ (ਨਾਰੰਗੀ ਸਾੜੀ ਵਿੱਚ)। ਉਨ੍ਹਾਂ ਦਾ ਪਰਿਵਾਰ
ਉਨ੍ਹਾਂ ਤੀਹ ਪਰਿਵਾਰਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਸਾਗਰ ਦੀਪ ਲਿਜਾਇਆ ਜਾ ਰਿਹਾ ਹੈ

ਖਾਸੀਮਾਰਾ
ਦੇ ਅਬਦੁਲ ਰਊਫ਼ ਨੂੰ, ਸਾਗਰ ਦੀਪ
'
ਤੇ ਜ਼ਮੀਨ ਦਾ ਮਾਲਿਕਾਨਾ ਹੱਕ ਦਿੱਤਾ
ਗਿਆ ਹੈ

9
ਸਤੰਬਰ ਨੂੰ ਆਪਣੇ ਅੰਨਪ੍ਰਾਸ਼ਨ ਸਮਾਰੋਹ ਤੋਂ ਪਹਿਲਾਂ ਨੰਨ੍ਹਾ ਅਵਿਕ ਅਤੇ ਉਹਦੀ ਮਾਂ, ਹਟਖੋਲਾ ਦੀ
ਆਰਜ਼ੀ ਠ੍ਹਾਰ ਵਿੱਚ। ਕੈਂਪਾਂ ਵਿੱਚ ਰਹਿਣ ਵਾਲ਼ੇ ਦੂਸਰੇ ਲੋਕ ਖਾਣਾ ਪਕਾਉਣ ਵਿੱਚ ਮਦਦ ਕਰਦੇ ਹੋਏ

ਮੰਦਰਤਲਾ
ਬਜ਼ਾਰ ਦੇ ਕੋਲ਼ ਟੈਂਕ ਗਰਾਊਂਡ ਸ਼ੈਲਟਰ ਵਿਖੇ, ਦੁਪਹਿਰ ਦੇ ਭੋਜਨ ਦੀ ਉਡੀਕ ਕਰਦੇ ਲੋਕਾਂ ਦੀ ਲੰਬੀ
ਕਤਾਰ

ਮੀਂਹ
ਪੈ ਰਿਹਾ ਹੈ, ਫਿਰ ਵੀ ਖਾਸੀਮਾਰਾ ਘਾਟ
'
ਤੇ ਰਾਹਤ ਸਮੱਗਰੀਆਂ ਲੈ ਕੇ ਪਹੁੰਚੀ ਬੇੜੀ
ਤੋਂ ਭੋਜਨ ਪੈਕਟ ਲੈਣ ਪੁੱਜੇ ਲੋਕ

ਖਾਸੀਮਾਰਾ
ਘਾਟ ਵਿਖੇ ਇੱਕ ਸਵੈ-ਸੇਵੀ ਸੰਸਥਾ ਦੁਆਰਾ ਵੰਡੀਆਂ ਜਾ ਰਹੀਆਂ ਸਾੜੀਆਂ ਲੈਂਦੀਆਂ ਔਰਤਾਂ

ਹਫ਼ਤੇ
ਵਿੱਚ ਇੱਕ ਵਾਰ, ਇੱਕ ਮੈਡੀਕਲ ਟੀਮ ਕੋਲਕਾਤਾ ਤੋਂ ਮੰਦਰਤਲਾ ਦੇ ਕੋਲ਼ ਸਥਿਤ, ਘੋੜਾਮਾਰਾ ਦੇ
ਇਕਲੌਤੇ ਪ੍ਰਾਇਮਰੀ ਸਿਹਤ ਕੇਂਦਰ ਜਾਂਦੀ ਹੈ। ਬਾਕੀ ਦਿਨਾਂ ਵਿੱਚ ਲੋਕਾਂ ਨੂੰ ਕਿਸੇ ਵੀ ਤਰ੍ਹਾਂ
ਦੀ ਮੈਡੀਕਲ ਸਹਾਇਤਾ ਵਾਸਤੇ ਆਸ਼ਾ ਵਰਕਰਾਂ ਦੇ ਮੂੰਹ ਵੱਲ ਦੇਖਣਾ ਪੈਂਦਾ ਹੈ

9
ਸਤੰਬਰ ਨੂੰ ਪੀਐੱਚਸੀ ਵਿੱਚ ਕੋਵਿਡ ਟੀਕਾਕਰਨ ਚੱਲ ਰਿਹਾ ਹੈ। ਅਜੇ ਤੱਕ ਘੋੜਾਮਾਰਾ ਵਿੱਚ ਕੁੱਲ 17
ਅਜਿਹੇ ਕੈਂਪ ਲਾਏ ਜਾ ਚੁੱਕੇ ਹਨ

ਘੋੜਾਮਾਰਾ ਦੇ ਮਡ ਪੁਆਇੰਟ ਆਫ਼ਿਸ ਦੇ ਪੋਸਟਮਾਸਟਰ, ਡਾਕਖਾਨੇ ਤੱਕ ਪਹੁੰਚਣ ਲਈ ਹਰ ਦਿਨ ਬਾਰੂਈਪੁਰ ਤੋਂ 75 ਕਿਲੋਮੀਟਰ ਦੂਰੀ ਤੈਅ ਕਰਕੇ ਆਉਂਦੇ ਹਨ। ਡਾਕਖਾਨੇ ਦਾ ਇਹ ਨਾਮ ਅੰਗਰੇਜ਼ਾਂ ਨੇ ਰੱਖਿਆ ਸੀ। ਡਾਕਖਾਨੇ ਵਿੱਚ ਰੱਖੇ ਕਾਗ਼ਜ਼ਾਤ ਅਤੇ ਫ਼ਾਈਲਾਂ, ਸਲ੍ਹਾਬ ਕਾਰਨ ਗਿੱਲੀਆਂ ਹੋ ਜਾਂਦੀਆਂ ਹਨ ; ਇਸਲਈ ਸੁਕਾਉਣ ਲਈ ਉਨ੍ਹਾਂ ਨੂੰ ਬਾਹਰ ਰੱਖਿਆ ਜਾਂਦਾ ਹੈ

ਅਹਿਲਯਾ ਸ਼ਿਸ਼ੂ ਸਿੱਖਿਆ ਕੇਂਦਰ ਦੀ ਇੱਕ ਕਲਾਸ ਹੁਣ ਬੈੱਡਾਂ ਨਾਲ਼ ਸੱਜੀ ਹੋਈ ਹੈ ਅਤੇ ਸਬਜ਼ੀਆਂ ਦੇ ਭੰਡਾਰਣ ਕਰਨ ਦਾ ਕੇਂਦਰ ਬਣੀ ਹੋਈ ਹੈ। ਕੋਵਿਡ-19 ਤੋਂ ਬਾਅਦ ਤੋਂ ਇਹ ਕੇਂਦਰ ਬੰਦ ਪਿਆ ਹੈ

ਖਾਸੀਮਾਰਾ ਵਿਖੇ ਸਥਿਤ ਰਾਸ਼ਨ ਦੀ ਦੁਕਾਨ ਦੇ ਪਿੱਛੇ, ਖਾਰੇ ਪਾਣੀ ਨਾਲ਼ ਬਰਬਾਰ ਹੋਏ ਪਾਨ ਦੇ ਖੇਤ ਅਤੇ ਹੁਣ ਚੌਲ਼ ਅਤੇ ਕਣਕ ਦੀਆਂ ਬੋਰੀਆਂ ਸੁਕਾਈਆਂ ਜਾਂਦੀਆਂ ਹਨ। ਖ਼ਰਾਬ ਹੋਈਆਂ ਫ਼ਸਲਾਂ ਦੀ ਹਵਾੜ ਚੁਫ਼ੇਰੇ ਫੈਲੀ ਹੋਈ ਹੈ

ਖਾਸੀਮਾਰਾ ਘਾਟ ਦੇ ਕੋਲ਼ ਪਿੰਡ ਦੇ ਲੋਕ, ਚੱਕਰਵਾਤ ਵਿੱਚ ਜੜ੍ਹੋਂ ਉਖੜੇ ਰੁੱਖ ਦੇ ਬਚੇ ਹੋਏ ਹਿੱਸਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ

ਚੁਨਪੁਰੀ ਇਲਾਕੇ ਦੇ ਨਿਵਾਸੀ, ਮੱਛੀ ਫੜ੍ਹਨ ਲਈ ਜਾਲ ਸੁੱਟਦੇ ਹੋਏ। ਘੋੜਾਮਾਰਾ ਵਿਖੇ ਜਿਊਣ ਦੀ ਜੱਦੋ-ਜਹਿਦ ਜਾਰੀ ਹੈ
ਤਰਜਮਾ: ਕਮਲਜੀਤ ਕੌਰ